ਟੋਰਾਂਟੋ ਦੇ ਸੈਂਟਰਲ ਟਾਪੂ ’ਤੇ ਪੰਜਾਬੀ ਸੱਭਿਆਚਾਰ ਦੀ ਧੂਮ, ਗਿੱਧੇ-ਭੰਗੜੇ ’ਤੇ ਝੂਮੇ ਲੋਕ
ਬਰੈਂਪਟਨ ਦੀ ਟੀਐੱਮਪੀ ਸੀਨੀਅਰ ਕਲੱਬ ਦੇ ਪੰਜਾਬੀ ਮੈਂਬਰਾਂ ਵੱਲੋਂ ਟੋਰਾਂਟੋ ਦੇ ਸੈਂਟਰਲ ਟਾਪੂ ਦਾ ਇੱਕ-ਦਿਨਾਂ ਟੂਰ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਯਾਦਗਾਰ ਬਣ ਗਿਆ। ਟੂਰ ਦੌਰਾਨ ਮਨੋਰੰਜਨ ਲਈ ਨਾਲ ਲਿਜਾਏ ਸਾਊਂਡ ਸਿਸਟਮ ’ਤੇ ਜਦੋਂ ਪੰਜਾਬੀ ਗੀਤਾਂ ਅਤੇ ਗਿੱਧੇ-ਭੰਗੜੇ ਦੀਆਂ ਧੁਨਾਂ ਗੂੰਜੀਆਂ ਤਾਂ ਮਰਦਾਂ ਅਤੇ ਔਰਤਾਂ ਨੇ ਖੁਸ਼ੀ ਨਾਲ ਨੱਚਣਾ ਸ਼ੁਰੂ ਕਰ ਦਿੱਤਾ। ਕੁਝ ਹੀ ਸਮੇਂ ਵਿੱਚ ਉੱਥੇ ਪੰਜਾਬ ਦੇ ਕਿਸੇ ਵਿਆਹ ਸਮਾਗਮ ਵਰਗਾ ਮਾਹੌਲ ਬਣ ਗਿਆ।
ਪੰਜਾਬੀ ਸੰਗੀਤ ਦੀਆਂ ਧੁਨਾਂ ਨੇ ਸੈਲਾਨੀਆਂ ਦਾ ਵੀ ਧਿਆਨ ਆਪਣੇ ਵੱਲ ਖਿੱਚਿਆ। ਉੱਥੋਂ ਲੰਘ ਰਹੇ ਕਈ ਗੋਰੇ-ਗੋਰੀਆਂ ਵੀ ਪੰਜਾਬੀ ਮੈਂਬਰਾਂ ਨਾਲ ਨੱਚਣ-ਟੱਪਣ ਵਿੱਚ ਸ਼ਾਮਲ ਹੋ ਗਏ। ਕਰੀਬ ਤਿੰਨ-ਚਾਰ ਘੰਟੇ ਚੱਲੇ ਇਸ ਸੱਭਿਆਚਾਰਕ ਪ੍ਰੋਗਰਾਮ ਦਾ ਉੱਥੇ ਮੌਜੂਦ ਸੈਂਕੜੇ ਸੈਲਾਨੀਆਂ ਨੇ ਆਨੰਦ ਮਾਣਿਆ।
ਕਲੱਬ ਮੈਂਬਰਾਂ ਵਿੱਚ ਟੂਰ ਨੂੰ ਲੈ ਕੇ ਉਤਸ਼ਾਹ ਟੋਰਾਂਟੋ ਦੇ ਫ਼ੈਰੀ ਟਰਮੀਨਲ ਤੋਂ ਹੀ ਦੇਖਣ ਨੂੰ ਮਿਲਣ ਲੱਗ ਪਿਆ ਸੀ। ਟਾਪੂ ਵੱਲ ਜਾਣ ਵਾਲੀ ਫ਼ੈਰੀ ਵਿੱਚ ਹੀ ਪੰਜਾਬੀ ਬੋਲੀਆਂ ਅਤੇ ਗੀਤਾਂ ਦੀਆਂ ਧੁਨਾਂ ਸੁਣਾਈ ਦੇਣ ਲੱਗੀਆਂ ਸਨ। ਓਨਟਾਰੀਓ ਝੀਲ ਦੇ ਪਾਣੀਆਂ ਨਾਲ ਘਿਰੇ ਸੈਂਕੜੇ ਏਕੜ ਵਿੱਚ ਫੈਲੇ ਇਸ ਟਾਪੂ ਦੀ ਕੁਦਰਤੀ ਸੁੰਦਰਤਾ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਵੱਖ-ਵੱਖ ਕਿਸਮਾਂ ਦੇ ਰੁੱਖਾਂ ਨਾਲ ਘਿਰਿਆ ਇਹ ਇਲਾਕਾ ਆਪਣੀ ਖੂਬਸੂਰਤੀ ਅਤੇ ਕੁਦਰਤੀ ਨਜ਼ਾਰਿਆਂ ਲਈ ਜਾਣਿਆ ਜਾਂਦਾ ਹੈ, ਜਦਕਿ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਵੀ ਯਤਨ ਕੀਤੇ ਜਾ ਰਹੇ ਹਨ।
ਕੈਨੇਡਾ ਵਿੱਚ ਸਰਕਾਰੀ ਵਿਭਾਗਾਂ ਦੀ ਦੇਖ-ਰੇਖ ਹੇਠ ਚੱਲ ਰਹੀਆਂ ਸੀਨੀਅਰ ਕਲੱਬਾਂ ਭਾਈਚਾਰਕ ਸਾਂਝ, ਆਪਸੀ ਸਹਿਯੋਗ ਅਤੇ ਮਿਲਣ-ਵਰਤਣ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਟੀਐੱਮਪੀ ਸੀਨੀਅਰ ਕਲੱਬ ਵੱਲੋਂ ਪਿਛਲੇ ਮਹੀਨੇ ਕਰਵਾਇਆ ਗਿਆ ਤੀਆਂ ਦਾ ਮੇਲਾ ਅਤੇ ਕੈਨੇਡਾ ਡੇਅ ਸਮਾਗਮ ਵੀ ਚਰਚਾ ਦਾ ਵਿਸ਼ਾ ਬਣਿਆ ਸੀ। ਇਨ੍ਹਾਂ ਸਮਾਗਮਾਂ ਵਿੱਚ ਕਈ ਮੈਂਬਰ ਪਾਰਲੀਮੈਂਟ, ਵਿਧਾਇਕਾਂ, ਮੇਅਰ ਅਤੇ ਕੌਂਸਲਰਾਂ ਨੇ ਸ਼ਿਰਕਤ ਕਰਕੇ ਕਲੱਬ ਵੱਲੋਂ ਕੀਤੇ ਜਾ ਰਹੇ ਭਾਈਚਾਰਕ ਅਤੇ ਸੱਭਿਆਚਾਰਕ ਉਪਰਾਲਿਆਂ ਦੀ ਸ਼ਲਾਘਾ ਕੀਤੀ ਸੀ।






