ਟਰੈਕਟਰ ਰੈਲੀ ਚ ਮਾਹੌਲ ਖਰਾਬ ਕਰਨ ਬਾਰੇ ਪੁਲਸ ਨੂੰ ਮਿਲੀ ਇਹ ਵੱਡੀ ਗੁਪਤ ਜਾਣਕਾਰੀ

ਆਈ ਤਾਜਾ ਵੱਡੀ ਖਬਰ

ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਪਰ ਇਕੱਠੇ ਹੋਏ ਕਿਸਾਨਾਂ ਨੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਇੱਕ ਰੋਸ ਮਾਰਚ ਕੱਢਣ ਦਾ ਐਲਾਨ ਬੀਤੇ ਦਿਨੀਂ ਕੀਤਾ ਸੀ। ਇਸ ਰੋਸ ਮਾਰਚ ਨੂੰ ਕਿਸਾਨਾਂ ਨੇ ਟਰੈਕਟਰ ਪਰੇਡ ਦਾ ਨਾਮ ਦਿੱਤਾ ਹੈ। ਇਸ ਟਰੈਕਟਰ ਪਰੇਡ ਦੇ ਸੰਬੰਧ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਰਪੇਸ਼ ਆਈਆਂ ਪਰ ਹੁਣ ਦਿੱਲੀ ਪੁਲਿਸ ਨੇ ਟਰੈਕਟਰ ਪਰੇਡ ਲਈ ਕਿਸਾਨਾਂ ਦੇ ਰੂਟ ਮੈਪ ਨੂੰ ਲਿਖਤੀ ਮਨਜ਼ੂਰੀ ਦੇ ਦਿੱਤੀ ਹੈ। ਕਿਸਾਨ ਦਿੱਲੀ ‘ਚ ਤਿੰਨ ਥਾਵਾਂ ‘ਤੇ ਟਰੈਕਟਰ ਪਰੇਡ ਕੱਢ ਸਕਣਗੇ।

ਇਸ ਬਾਰੇ ਦਿੱਲੀ ਪੁਲਿਸ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਲਿਖਤੀ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਦਿੱਲੀ ਪੁਲਿਸ ਨਾਲ ਮੁਲਾਕਾਤ ਤੋਂ ਬਾਅਦ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਨੇ ਕਿਹਾ ਕਿ ਅੱਜ ਦਿੱਲੀ ਪੁਲਿਸ ਦੇ ਅਧਿਕਾਰੀਆਂ ਨਾਲ ਇੱਕ ਛੋਟੀ ਜਿਹੀ ਬੈਠਕ ਹੋਈ। ਸਾਨੂੰ ਟਰੈਕਟਰ ਰੈਲੀ ਲਈ ਪੁਲਿਸ ਤੋਂ ਰਸਮੀ ਇਜਾਜ਼ਤ ਮਿਲ ਗਈ ਹੈ। ਉਨ੍ਹਾਂ ਆਖਿਆ ਕਿ ਕਿਸਾਨ ਦੀ ਟਰੈਕਟਰ ਪਰੇਡ 26 ਜਨਵਰੀ ਨੂੰ ਸ਼ਾਂਤਮਈ ਹੋਵੇਗੀ ਅਤੇ ਮੈਂ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਦਿੱਲੀ ਦੇ ਅੰਦਰ ਸਿਰਫ ਟਰੈਕਟਰ ਹੀ ਲੈ ਕੇ ਆਉਣ।

ਦਿੱਲੀ ਪੁਲਿਸ ਦੇ ਵਿਸ਼ੇਸ਼ ਇੰਟੈਲੀਜੈਂਸ ਸੀਪੀ ਦੀਪੇਂਦਰ ਪਾਠਕ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਕਿਸਾਨਾਂ ਨਾਲ 5 ਤੋਂ 6 ਵਾਰ ਟਰੈਕਟਰ ਰੈਲੀ ਨੂੰ ਲੈ ਕੇ ਗੱਲ ਬਾਤ ਕੀਤੀ ਗਈ। ਹੁਣ ਟਰੈਕਟਰ ਰੈਲੀ ਨੂੰ ਦਿੱਲੀ ਦੇ ਤਿੰਨ ਥਾਵਾਂ ਸਿੰਘੂ ਸਰਹੱਦ 62 ਕਿਲੋਮੀਟਰ, ਟਿੱਕਰੀ ਸਰਹੱਦ 63 ਕਿਲੋਮੀਟਰ ਅਤੇ ਗਾਜ਼ੀਪੁਰ ਸਰਹੱਦ 46 ਕਿਲੋਮੀਟਰ ਦੇ ਰੂਟਾਂ ਰਾਹੀਂ ਕਰਨ ਦੀ ਮਨਜ਼ੂਰੀ ਮਿਲ ਚੁੱਕੀ ਹੈ। ਦੀਪੇਂਦਰ ਪਾਠਕ ਨੇ ਅੱਗੇ ਗੱਲ ਕਰਦੇ ਹੋਏ ਕਿਹਾ ਕਿ ਸਾਨੂੰ ਇੱਕ ਖੁਫੀਆ ਜਾਣਕਾਰੀ ਮਿਲੀ ਹੈ

ਕਿ ਇਸ ਟਰੈਕਟਰ ਪਰੇਡ ਨੂੰ ਭੰਗ ਕਰਨ ਦੇ ਲਈ ਪਾਕਿਸਤਾਨ ਵੱਲੋਂ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਸਾਜਿਸ਼ ਦੇ ਅਧੀਨ ਪਾਕਿਸਤਾਨ ਦੇ ਵਿੱਚ 308 ਟਵਿਟਰ ਹੈਂਡਲ ਬਣਾਏ ਗਏ ਹਨ, ਤਾਂ ਜੋ ਇਸ ਟਰੈਕਟਰ ਪਰੇਡ ਦੀ ਆੜ ਹੇਠ ਭਾਰਤ ਦੀ ਕਾਨੂੰਨ ਵਿਵਸਥਾ ਨੂੰ ਵਿਗਾੜਿਆ ਜਾ ਸਕੇ। 26 ਜਨਵਰੀ ਨੂੰ ਅਜਿਹੇ ਅਣਸੁਖਾਵੇਂ ਹਾਲਾਤਾਂ ਤੋਂ ਬਚਾਉਣ ਵਾਸਤੇ ਦੇਸ਼ ਅੰਦਰ ਕਈ ਤਰ੍ਹਾਂ ਦੇ ਸੁਰੱਖਿਆ ਇੰਤਜ਼ਾਮ ਕੀਤੇ ਜਾਣਗੇ।