ਨਵੀਂ ਦਿੱਲੀ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛਠ ਪੂਜਾ ਦੇ ਪਵਿੱਤਰ ਤਿਉਹਾਰ ਦੀ ਸ਼ੁਰੂਆਤ ਮੌਕੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸੂਰਜ ਦੇਵਤਾ ਦੀ ਅਰਾਧਨਾ ਨੂੰ ਸਮਰਪਿਤ ਇਹ ਚਾਰ ਦਿਨਾਂ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਰਾਹੀਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਲੋਕ ਆਸਥਾ ਅਤੇ ਸੂਰਜ ਉਪਾਸਨਾ ਦੇ ਪ੍ਰਤੀਕ ਛਠ ਮਹਾਪਰਵ ਦੀ ਸ਼ੁਰੂਆਤ ‘ਤੇ ਸਾਰੇ ਦੇਸ਼ਵਾਸੀਆਂ ਨੂੰ ਦਿਲੋਂ ਵਧਾਈਆਂ। ਉਨ੍ਹਾਂ ਨੇ ਵਰਤ ਰੱਖਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਨਮਨ ਕਰਦਿਆਂ ਕਾਮਨਾ ਕੀਤੀ ਕਿ ਛਠੀ ਮਈਆ ਦੀ ਕਿਰਪਾ ਸਾਰਿਆਂ ’ਤੇ ਬਣੀ ਰਹੇ।
ਜ਼ਿਕਰਯੋਗ ਹੈ ਕਿ ਛਠ ਪੂਜਾ ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾਣ ਵਾਲਾ ਪ੍ਰਮੁੱਖ ਹਿੰਦੂ ਤਿਉਹਾਰ ਹੈ। ਇਸ ਮੌਕੇ ਸ਼ਰਧਾਲੂ ਡੁੱਬਦੇ ਅਤੇ ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਪੂਜਾ ਕਰਦੇ ਹਨ। ਸੂਰਜ ਦੇਵਤਾ ਦੀ ਦੋਵਾਂ ਸਮਿਆਂ ਵਿੱਚ ਕੀਤੀ ਜਾਣ ਵਾਲੀ ਉਪਾਸਨਾ ਇਸ ਤਿਉਹਾਰ ਦੀ ਵਿਸ਼ੇਸ਼ ਪਛਾਣ ਹੈ।
ਹਿੰਦੂ ਪੰਚਾਂਗ ਅਨੁਸਾਰ ਇਹ ਤਿਉਹਾਰ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਛੱਠੀ ਤਿਥੀ ਨੂੰ ਮਨਾਇਆ ਜਾਂਦਾ ਹੈ। ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ਮਹਾਪਰਵ ਦੌਰਾਨ ਇਸ਼ਨਾਨ, ਵਰਤ, ਸਖ਼ਤ ਨਿਯਮਾਂ ਦੀ ਪਾਲਣਾ ਅਤੇ ਸੂਰਜ ਦੇਵਤਾ ਦੀ ਅਰਾਧਨਾ ਕੀਤੀ ਜਾਂਦੀ ਹੈ। ਸ਼ਰਧਾਲੂ ਪਰਿਵਾਰ ਦੀ ਖੁਸ਼ਹਾਲੀ, ਸੁੱਖ-ਸਮ੍ਰਿੱਧੀ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕਰਦੇ ਹਨ।







