ਚੰਡੀਗੜ੍ਹ – ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਅਥਾਰਟੀ ਵੱਲੋਂ 27 ਅਕਤੂਬਰ ਤੋਂ 28 ਮਾਰਚ ਤੱਕ ਲਈ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਅਧੀਨ ਚੰਡੀਗੜ੍ਹ ਹਵਾਈ ਅੱਡੇ ਤੋਂ ਚਾਰ ਨਵੀਆਂ ਉਡਾਣਾਂ ਜੋੜੀਆਂ ਗਈਆਂ ਹਨ। ਹੁਣ ਇੱਥੋਂ ਰੋਜ਼ਾਨਾ 53 ਘਰੇਲੂ ਅਤੇ 2 ਕੌਮਾਂਤਰੀ ਉਡਾਣਾਂ ਚੱਲਣਗੀਆਂ। ਹਾਲਾਂਕਿ ਟ੍ਰਾਈਸਿਟੀ ਵਾਸੀਆਂ ਨੂੰ ਨਵੀਆਂ ਅੰਤਰਰਾਸ਼ਟਰੀ ਉਡਾਣਾਂ ਲਈ ਹੋਰ ਉਡੀਕ ਕਰਨੀ ਪਵੇਗੀ।
ਨਵੇਂ ਸ਼ਡਿਊਲ ਵਿੱਚ ਲੇਹ, ਨਾਰਦਨ ਗੋਆ, ਹਿਸਾਰ ਅਤੇ ਕੁੱਲੂ ਲਈ ਉਡਾਣਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਲੇਹ, ਗੋਆ ਤੇ ਹਿਸਾਰ ਦੀਆਂ ਉਡਾਣਾਂ 20 ਨਵੰਬਰ ਤੋਂ ਸ਼ੁਰੂ ਹੋਣਗੀਆਂ, ਜਦਕਿ ਕੁੱਲੂ ਲਈ ਉਡਾਣ ਦੀ ਮਿਤੀ ਹਾਲੇ ਤੈਅ ਨਹੀਂ ਹੋਈ। ਏਅਰਲਾਈਨ ਕੰਪਨੀਆਂ ਨੇ ਇਨ੍ਹਾਂ ਉਡਾਣਾਂ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ।
ਰਾਤ ਸਮੇਂ ਹੋਰ ਰਾਜਾਂ ਤੋਂ ਆਉਣ ਵਾਲੀਆਂ ਪੰਜ ਉਡਾਣਾਂ (ਮੁੰਬਈ, ਅਹਿਮਦਾਬਾਦ, ਬੈਂਗਲੁਰੂ, ਕੋਲਕਾਤਾ ਤੇ ਹੈਦਰਾਬਾਦ ਤੋਂ) ਹਵਾਈ ਅੱਡੇ ’ਤੇ ਹੀ ਪਾਰਕ ਰਹਿਣਗੀਆਂ ਅਤੇ ਅਗਲੇ ਦਿਨ ਸਵੇਰੇ ਉਡਾਣ ਭਰਨਗੀਆਂ। ਚੰਡੀਗੜ੍ਹ ਤੋਂ ਪਹਿਲੀ ਉਡਾਣ ਸਵੇਰੇ 5:20 ਵਜੇ ਅਤੇ ਆਖ਼ਰੀ ਉਡਾਣ ਹੈਦਰਾਬਾਦ ਤੋਂ ਰਾਤ 11:40 ਵਜੇ ਲੈਂਡ ਕਰੇਗੀ।
ਹਿਸਾਰ ਲਈ ਨਵੀਂ ਉਡਾਣ 22 ਨਵੰਬਰ ਤੋਂ ਅਲਾਇੰਸ ਏਅਰ ਦੁਆਰਾ ਸ਼ੁਰੂ ਕੀਤੀ ਜਾ ਰਹੀ ਹੈ। ਇਹ ਚੰਡੀਗੜ੍ਹ ਤੋਂ 11:10 ਵਜੇ ਉਡੇਗੀ ਅਤੇ 12:10 ਵਜੇ ਹਿਸਾਰ ਪਹੁੰਚੇਗੀ, ਜਦਕਿ ਵਾਪਸੀ ਦੀ ਉਡਾਣ 12:35 ਵਜੇ ਹਿਸਾਰ ਤੋਂ ਚੱਲ ਕੇ 1:35 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ਦੀ ਸ਼ੁਰੂਆਤੀ ਟਿਕਟ ਕੀਮਤ ₹2574 ਰੱਖੀ ਗਈ ਹੈ, ਜੋ ਫਲੈਕਸੀ ਫੇਅਰ ਅਨੁਸਾਰ ਬਦਲ ਸਕਦੀ ਹੈ।
ਲੇਹ ਲਈ ਨਵੀਂ ਉਡਾਣ 10:10 ਵਜੇ ਲੇਹ ਤੋਂ ਚੱਲ ਕੇ 11:15 ਵਜੇ ਚੰਡੀਗੜ੍ਹ ਪਹੁੰਚੇਗੀ, ਤੇ 11:45 ਵਜੇ ਚੰਡੀਗੜ੍ਹ ਤੋਂ ਉਡ ਕੇ 12:50 ਵਜੇ ਲੇਹ ਪਹੁੰਚੇਗੀ। ਇਸ ਲਈ ਕਿਰਾਇਆ ਲਗਭਗ ₹6763 ਹੋਵੇਗਾ।
ਨਾਰਦਨ ਗੋਆ ਲਈ ਉਡਾਣ 2:30 ਵਜੇ ਚੰਡੀਗੜ੍ਹ ਤੋਂ ਉਡ ਕੇ 5:20 ਵਜੇ ਗੋਆ ਪਹੁੰਚੇਗੀ, ਜਦਕਿ ਗੋਆ ਤੋਂ ਵਾਪਸੀ ਦੀ ਉਡਾਣ 1:10 ਵਜੇ ਚੱਲ ਕੇ 3:50 ਵਜੇ ਚੰਡੀਗੜ੍ਹ ਲੈਂਡ ਕਰੇਗੀ, ਜਿਸ ਲਈ ਕਿਰਾਇਆ ਲਗਭਗ ₹6773 ਹੋਵੇਗਾ।
ਹਵਾਈ ਅੱਡੇ ਦੇ ਸੀ.ਈ.ਓ. ਅਜੇ ਵਰਮਾ ਮੁਤਾਬਕ, ਕੁਝ ਨਵੀਆਂ ਉਡਾਣਾਂ ਦੀ ਕਾਗਜ਼ੀ ਕਾਰਵਾਈ ਚੱਲ ਰਹੀ ਹੈ ਅਤੇ ਉਨ੍ਹਾਂ ਦੀਆਂ ਬੁਕਿੰਗਾਂ ਵੀ ਜਲਦੀ ਸ਼ੁਰੂ ਹੋਣਗੀਆਂ। ਉਨ੍ਹਾਂ ਨੇ ਦੱਸਿਆ ਕਿ ਅਯੁੱਧਿਆ ਅਤੇ ਨਾਂਦੇੜ ਸਾਹਿਬ ਲਈ ਉਡਾਣਾਂ ਸ਼ੁਰੂ ਕਰਨ ਦੇ ਯਤਨ ਜਾਰੀ ਹਨ, ਪਰ ਇਸ ਸਮੇਂ ਕੋਈ ਵੀ ਏਅਰਲਾਈਨ ਉਨ੍ਹਾਂ ਰੁਟਾਂ ਲਈ ਤਿਆਰ ਨਹੀਂ ਹੈ।






