ਚੰਡੀਗੜ੍ਹ ਸ਼ੋਅ ਦੌਰਾਨ ਜੈਸਮੀਨ ਸੈਂਡਲਸ ਨੇ LGBTQ+ ਪਰਾਈਡ ਦੁਪੱਟਾ ਲਹਿਰਾ ਕੇ ਦਿੱਤਾ ਬਰਾਬਰੀ ਦਾ ਸੰਦੇਸ਼

ਜੈਸਮੀਨ ਸੈਂਡਲਾਸ ਨੇ ਚੰਡੀਗੜ੍ਹ ਸ਼ੋਅ ਦੌਰਾਨ ਦਿੱਤਾ ਪਿਆਰ ਤੇ ਬਰਾਬਰੀ ਦਾ ਸੁਨੇਹਾ

ਆਪਣੀ ਦਮਦਾਰ ਗਾਇਕੀ ਅਤੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਨੇ ਲੰਘੇ ਦਿਨ ਚੰਡੀਗੜ੍ਹ (ਮੁਹਾਲੀ) ਵਿੱਚ ਹੋਏ ਲਾਈਵ ਕੰਸਰਟ ਦੌਰਾਨ ਦਰਸ਼ਕਾਂ ਦਾ ਦਿਲ ਜਿੱਤ ਲਿਆ। ਆਪਣੇ ‘ਦਿ ਡਰੀਮ ਗਰਲ ਇੰਡੀਆ ਟੂਰ’ ਤਹਿਤ ਕਰਵਾਏ ਗਏ ਇਸ ਸ਼ੋਅ ਵਿੱਚ ਗਾਇਕਾ ਨੇ ਸਟੇਜ ’ਤੇ LGBTQ+ ਭਾਈਚਾਰੇ ਦੀ ਪਛਾਣ ਨਾਲ ਜੁੜਿਆ ਸਤਰੰਗੀ ਦੁਪੱਟਾ ਪਹਿਨ ਕੇ ਪਿਆਰ, ਬਰਾਬਰੀ ਅਤੇ ਹਰ ਵਿਅਕਤੀ ਨੂੰ ਸਵੀਕਾਰ ਕਰਨ ਦਾ ਸੰਦੇਸ਼ ਦਿੱਤਾ।

ਜੈਸਮੀਨ ਨੇ ਆਪਣੇ ਮਕਬੂਲ ਗੀਤਾਂ ਨਾਲ ਹਾਜ਼ਰ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕੀਤਾ। ਇਸ ਦੇ ਨਾਲ ਹੀ ਉਸ ਨੇ LGBTQ+ ਭਾਈਚਾਰੇ ਦੇ ਹੱਕਾਂ ਅਤੇ ਸਨਮਾਨ ਦੀ ਹਮਾਇਤ ਕਰਦਿਆਂ ਸਮਾਜ ਵਿੱਚ ਆਪਸੀ ਪਿਆਰ ਅਤੇ ਬਿਨਾਂ ਕਿਸੇ ਭੇਦਭਾਵ ਦੇ ਜੀਣ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਸਤਰੰਗੀ ਦੁਪੱਟੇ ਰਾਹੀਂ ਉਸ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਕਲਾ ਅਤੇ ਸੰਗੀਤ ਕਿਸੇ ਕਿਸਮ ਦੇ ਵਿਤਕਰੇ ਦੀਆਂ ਹੱਦਾਂ ਵਿੱਚ ਨਹੀਂ ਬੱਝੇ ਹੁੰਦੇ ਅਤੇ ਹਰ ਇਨਸਾਨ ਨੂੰ ਆਪਣੀ ਪਛਾਣ ਅਨੁਸਾਰ ਜੀਵਨ ਜਿਊਣ ਦਾ ਹੱਕ ਹੈ।

ਸਟੇਜ ਤੋਂ ਆਪਣੀ ਗੱਲ ਰੱਖਦਿਆਂ ਜੈਸਮੀਨ ਨੇ ਕਿਹਾ, “ਅਸੀਂ ਪੰਜਾਬੀ ਬਹੁਤ ਵੰਡੇ ਹੋਏ ਆਂ… ਪਿਆਰ ਤੇ ਕਰ ਲੈਣ ਦਿਓ। ਅਸੀਂ ਹੁੰਦੇ ਕੌਣ ਆਂ ਕਿਸੇ ਨੂੰ ਕਹਿਣ ਵਾਲੇ ਕਿ ਤੂੰ ਇਹਨੂੰ ਪਿਆਰ ਕਰ ਸਕਦੈਂ, ਤੂੰ ਇਹਨੂੰ ਪਿਆਰ ਨਹੀਂ ਕਰ ਸਕਦੈਂ। ਪਿਆਰ ਬੜੀ ਪਵਿੱਤਰ ਚੀਜ਼ ਐ… ਤੇ ਬਥੇਰਿਆਂ ਨੂੰ ਪਿਆਰ ਨਹੀਂ ਮਿਲਦਾ, ਜਿਹਨੂੰ ਮਿਲਦਾ ਉਹਨੂੰ ਪਿਆਰ ਕਰ ਲੈਣ ਦਿਓ।”

ਉਸ ਨੇ ਅੱਗੇ ਕਿਹਾ, “ਇਸ ਦੁਨੀਆਂ ’ਚ ਬਹੁਤ ਲੋਕੀ ਨੇ… ਸਾਰਿਆਂ ਨੂੰ ਜੀਣਾ ਵੀ ਨਹੀਂ ਆਉਂਦਾ… ਜਿਹੜਾ ਜਿਉਂਦਾ ਉਹਨੂੰ ਜੀ ਲੈਣ ਦਿਓ।”

ਗਾਇਕਾ ਦੇ ਇਸ ਬਿਆਨ ਅਤੇ ਪ੍ਰਤੀਕਾਤਮਕ ਕਦਮ ਦੀ ਸੋਸ਼ਲ ਮੀਡੀਆ ’ਤੇ ਚਰਚਾ ਹੋ ਰਹੀ ਹੈ। ਪ੍ਰਸ਼ੰਸਕਾਂ ਅਤੇ ਨੇਟੀਜ਼ਨਾਂ ਵੱਲੋਂ ਇਸ ਨੂੰ ਪਿਆਰ, ਆਪਸੀ ਸਤਿਕਾਰ ਅਤੇ ਸਮਾਜਿਕ ਬਰਾਬਰੀ ਨੂੰ ਉਤਸ਼ਾਹਿਤ ਕਰਨ ਵਾਲੀ ਪਹਿਲ ਵਜੋਂ ਦੇਖਿਆ ਜਾ ਰਿਹਾ ਹੈ।