ਪੰਜਾਬ ਪੁਲਿਸ ਇਸ ਸਾਲ ਕੁੱਲ 3,298 ਅਸਾਮੀਆਂ ਲਈ ਭਰਤੀ ਕਰਨ ਜਾ ਰਹੀ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀਆਂ 10 ਮਾਰਚ ਤੋਂ ਸ਼ੁਰੂ ਹੋਣਗੀਆਂ ਅਤੇ ਉਮੀਦਵਾਰ 30 ਮਾਰਚ ਰਾਤ 11:55 ਵਜੇ ਤੱਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰ ਸਕਣਗੇ। ਅਰਜ਼ੀਆਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਵਿਭਾਗ ਅਗਲੀ ਭਰਤੀ ਪ੍ਰਕਿਰਿਆ ਸ਼ੁਰੂ ਕਰੇਗਾ। ਉਮੀਦਵਾਰਾਂ ਨੂੰ ਅਰਜ਼ੀ ਦੌਰਾਨ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ, ਇਸ ਲਈ ਪੁਲਿਸ ਵਿਭਾਗ ਵੱਲੋਂ ਇੱਕ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ, ਜਿੱਥੇ ਭਰਤੀ ਨਾਲ ਸੰਬੰਧਤ ਸ਼ਿਕਾਇਤਾਂ ਅਤੇ ਸੁਝਾਅ ਸੁਣੇ ਜਾਣਗੇ।
ਪੰਜਾਬ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 3,298 ਅਸਾਮੀਆਂ ਵਿੱਚੋਂ 2,522 ਅਸਾਮੀਆਂ ਜ਼ਿਲ੍ਹਾ ਪੁਲਿਸ ਕੇਡਰ ਲਈ ਹੋਣਗੀਆਂ, ਜਦਕਿ 766 ਅਸਾਮੀਆਂ ਆਰਮਡ ਪੁਲਿਸ ਕੇਡਰ ਲਈ ਰੱਖੀਆਂ ਗਈਆਂ ਹਨ। ਭਰਤੀ ਲਈ ਇੱਕ ਅਧਿਕਾਰਤ ਆਨਲਾਈਨ ਲਿੰਕ ਜਲਦੀ ਜਾਰੀ ਕੀਤਾ ਜਾਵੇਗਾ, ਜਿਸ ਰਾਹੀਂ ਉਮੀਦਵਾਰ ਅਰਜ਼ੀ ਦੇ ਸਕਣਗੇ। ਇਸ ਦੇ ਨਾਲ ਹੀ ਹਰ ਅਹੁਦੇ ਲਈ ਯੋਗਤਾ, ਉਮਰ ਸੀਮਾ ਅਤੇ ਸਰੀਰਕ ਮਾਪਦੰਡਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਉਮੀਦਵਾਰਾਂ ਦੀ ਸਹੂਲਤ ਲਈ ਪੁਲਿਸ ਵਿਭਾਗ ਨੇ 02261306246 ਸੰਪਰਕ ਨੰਬਰ ਵੀ ਜਾਰੀ ਕੀਤਾ ਹੈ।
ਇਸ ਤੋਂ ਇਲਾਵਾ ਭਰਤੀ ਪ੍ਰਕਿਰਿਆ ਨੂੰ ਹੋਰ ਆਸਾਨ ਬਣਾਉਣ ਲਈ ਵਿਭਾਗ ਵੱਲੋਂ QR ਕੋਡ ਵੀ ਜਾਰੀ ਕੀਤੇ ਜਾਣਗੇ। ਉਮੀਦਵਾਰ QR ਕੋਡ ਸਕੈਨ ਕਰਕੇ ਸਿੱਧੇ ਅਧਿਕਾਰਤ ਭਰਤੀ ਲਿੰਕ ‘ਤੇ ਪਹੁੰਚ ਸਕਣਗੇ ਅਤੇ ਉੱਥੇ ਤੋਂ ਆਸਾਨੀ ਨਾਲ ਆਪਣੀ ਆਨਲਾਈਨ ਅਰਜ਼ੀ ਭਰ ਸਕਣਗੇ। ਇਸ ਤਰੀਕੇ ਨਾਲ ਵੈੱਬਸਾਈਟ ‘ਤੇ ਜਾਣ ਅਤੇ ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰਨ ਵਿੱਚ ਵੀ ਘੱਟ ਸਮਾਂ ਲੱਗੇਗਾ।






