ਖਿੱਚੋ ਤਿਆਰੀ ! ਇਹਨਾਂ ਤਰੀਕਾਂ ਨੂੰ ਪੰਜਾਬ ਚ ਪੈਣ ਜਾ ਰਿਹਾ ਮੀਂਹ

ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਕਰਵਟ ਲੈਣ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅਗਲੇ 5 ਦਿਨਾਂ ਲਈ ਸੂਬੇ ਦੇ ਮੌਸਮ ਸਬੰਧੀ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ। ਇਸ ਮੁਤਾਬਕ 23 ਅਤੇ 24 ਸਤੰਬਰ ਨੂੰ ਪੰਜਾਬ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ।

ਇਸ ਤੋਂ ਬਾਅਦ 25 ਸਤੰਬਰ ਤੋਂ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਇਲਾਕਿਆਂ ਅਤੇ ਪੰਜਾਬ ਦੇ ਉੱਤਰੀ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿੱਚ ਮੀਂਹ ਪੈ ਸਕਦਾ ਹੈ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਸੁੱਕਾ ਰਹਿਣ ਦੀ ਉਮੀਦ ਹੈ।

26 ਸਤੰਬਰ ਨੂੰ ਮੀਂਹ ਦਾ ਦਾਇਰਾ ਹੋਰ ਵਧ ਸਕਦਾ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਤਰਨਤਾਰਨ, ਕਪੂਰਥਲਾ, ਜਲੰਧਰ, ਰੂਪਨਗਰ, ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਪਟਿਆਲਾ ਵਿੱਚ ਕੁਝ ਥਾਵਾਂ ’ਤੇ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਬਾਅਦ 27 ਸਤੰਬਰ ਨੂੰ ਵੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।

ਮਾਲਵਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਰਹੇਗਾ ਖ਼ੁਸ਼ਕ ਮੌਸਮ

ਦੱਖਣੀ ਅਤੇ ਪੱਛਮੀ ਮਾਲਵਾ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਅਗਲੇ ਪੰਜ ਦਿਨਾਂ ਦੌਰਾਨ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਬਠਿੰਡਾ, ਬਰਨਾਲਾ, ਸੰਗਰੂਰ ਅਤੇ ਮਾਨਸਾ ਵਿੱਚ 23 ਤੋਂ 27 ਸਤੰਬਰ ਤੱਕ ਵੱਡੀ ਬਾਰਿਸ਼ ਦੀ ਕੋਈ ਖ਼ਾਸ ਸੰਭਾਵਨਾ ਨਹੀਂ ਦੱਸੀ ਗਈ ਹੈ।