ਕੈਨੇਡਾ ਦੇ ਡੈਲਟਾ ’ਚ ਸਾਲਾਨਾ ਮੇਲੇ ਦੌਰਾਨ ਹਾਦਸਾ, ਪਿਕਅੱਪ ਦੀ ਲਪੇਟ ’ਚ ਆ ਕੇ ਦੋ ਦੀ ਮੌਤ
ਕੈਨੇਡਾ ਦੇ ਡੈਲਟਾ ਸਥਿਤ ਟਵਾਸਨ ਮਾਲ ਨੇੜੇ ਮੂਲ ਨਿਵਾਸੀ ਭਾਈਚਾਰੇ ਵੱਲੋਂ ਕਰਵਾਏ ਜਾ ਰਹੇ ਸਾਲਾਨਾ ਮੇਲੇ ਦੌਰਾਨ ਇੱਕ ਪਿਕਅੱਪ ਟਰੱਕ ਬੇਕਾਬੂ ਹੋ ਕੇ ਲੋਕਾਂ ਵਿੱਚ ਜਾ ਵੜਿਆ। ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰ ਜ਼ਖ਼ਮੀਆਂ ਨੂੰ ਘਟਨਾ ਸਥਾਨ ’ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ।
ਡੈਲਟਾ ਪੁਲੀਸ ਮੁਤਾਬਕ ਹਾਦਸੇ ਦੇ ਸਮੇਂ ਵਾਹਨ ਚਾਲਕ ਦੀ ਸਿਹਤ ਨਾਲ ਸਬੰਧਤ ਐਮਰਜੈਂਸੀ ਸਥਿਤੀ ਹੋਣ ਦੇ ਸੰਕੇਤ ਮਿਲੇ ਹਨ। ਮੁੱਢਲੀ ਜਾਣਕਾਰੀ ਅਨੁਸਾਰ ਚਾਲਕ ਨੂੰ ਚੱਕਰ ਆਉਣ ਕਾਰਨ ਵਾਹਨ ਬੇਕਾਬੂ ਹੋਣ ਦੀ ਸੰਭਾਵਨਾ ਹੈ। ਪੁਲੀਸ ਨੇ ਇਹ ਵੀ ਕਿਹਾ ਕਿ ਫਿਲਹਾਲ ਹਾਦਸੇ ਦਾ ਮੂਲ ਨਿਵਾਸੀ ਭਾਈਚਾਰੇ ਵੱਲੋਂ ਕੱਢੇ ਜਾ ਰਹੇ ਮਾਰਚ ਨਾਲ ਕੋਈ ਸਿੱਧਾ ਸਬੰਧ ਸਾਹਮਣੇ ਨਹੀਂ ਆਇਆ।
ਹਾਲਾਂਕਿ, ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਕਈਆਂ ਨੇ ਸੰਤਰੀ ਰੰਗ ਦੀਆਂ ਟੀ-ਸ਼ਰਟਾਂ ਪਹਿਨੀਆਂ ਹੋਈਆਂ ਸਨ, ਜਿਸ ਤੋਂ ਉਨ੍ਹਾਂ ਦੇ ਮਾਰਚ ਵਿੱਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ। ਹਾਦਸੇ ਵਾਲੀ ਥਾਂ ਡੈਲਟਾ ਫੈਰੀ ਟਰਮੀਨਲ ਅਤੇ ਡੈਲਟਾ ਪੋਰਟ ਦੇ ਨੇੜੇ ਸਥਿਤ ਦੱਸੀ ਜਾ ਰਹੀ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਪ੍ਰਭਾਵਿਤ ਲੋਕਾਂ ਅਤੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।
ਪੁਲੀਸ ਮੁਤਾਬਕ ਹਾਦਸੇ ਵਿੱਚ ਸ਼ਾਮਲ ਪਿਕਅੱਪ ਟਰੱਕ ‘ਅਲਪਾਈਨ ਸੇਵਾਵਾਂ’ ਨਾਲ ਸਬੰਧਤ ਸੀ। ਇਹ ਕੰਪਨੀ ਮਾਲ ਦੀ ਸਫ਼ਾਈ ਅਤੇ ਰੱਖ-ਰਖਾਅ ਨਾਲ ਜੁੜੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।







