ਸੰਯੁਕਤ ਕਿਸਾਨ ਮੋਰਚਾ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਚੰਡੀਗੜ੍ਹ ਸਰਹੱਦ ’ਤੇ ਸ਼ੁਰੂ ਕੀਤਾ ਗਿਆ ਧਰਨਾ ਲਗਾਤਾਰ ਜਾਰੀ ਹੈ। ਮੁਹਾਲੀ ਦੇ ਫੇਜ਼-11 ਤੋਂ ਸੈਕਟਰ-48 ਤੱਕ ਸੜਕ ਦੇ ਇੱਕ ਪਾਸੇ ਸੈਂਕੜਿਆਂ ਟਰੈਕਟਰ-ਟਰਾਲੀਆਂ ਨਾਲ ਕਿਸਾਨਾਂ ਨੇ ਡੇਰੇ ਲਗਾ ਲਏ ਹਨ। ਇਸ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਕਿਸਾਨਾਂ ਦੀ ਭਾਗੀਦਾਰੀ ਵੀ ਦੇਖਣ ਨੂੰ ਮਿਲ ਰਹੀ ਹੈ।
ਮੁਹਾਲੀ ਪੁਲੀਸ ਨੇ ਫੇਜ਼-11 ਤੋਂ ਸੈਕਟਰ-48 ਤੱਕ ਸੜਕ ਦਾ ਇੱਕ ਹਿੱਸਾ ਆਵਾਜਾਈ ਲਈ ਬੰਦ ਕਰ ਦਿੱਤਾ ਹੈ। ਧਰਨੇ ਵਾਲੀ ਥਾਂ ਦੇ ਪਿਛਲੇ ਪਾਸੇ ਚੰਡੀਗੜ੍ਹ ਪੁਲੀਸ ਨੇ ਕੰਡੇਦਾਰ ਤਾਰਾਂ ਦੀ ਤਿੰਨ ਪੱਧਰੀ ਬੈਰੀਕੇਡਿੰਗ ਕੀਤੀ ਹੋਈ ਹੈ, ਜਦਕਿ ਪੁਲੀਸ ਅਤੇ ਆਰਏਐਫ ਦੇ ਜਵਾਨ ਵੱਡੀ ਗਿਣਤੀ ਵਿੱਚ ਤਾਇਨਾਤ ਹਨ।
ਧਰਨੇ ਦੀ ਸ਼ੁਰੂਆਤ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਮੁਹਾਲੀ ਦੇ ਇੱਕ ਹੋਟਲ ਵਿੱਚ ਉੱਚ ਪੱਧਰੀ ਮੀਟਿੰਗ ਕਰਕੇ ਸੱਤ ਦਿਨਾਂ ਦੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ। ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਹੜਤਾਲੀ ਮੁਲਾਜ਼ਮ ਆਗੂਆਂ ਦੇ ਤਬਾਦਲਿਆਂ ਅਤੇ ਜਾਰੀ ਕੀਤੇ ਨੋਟਿਸਾਂ ’ਤੇ ਵੀ ਚਿੰਤਾ ਜਤਾਈ ਗਈ ਅਤੇ ਮੁਲਾਜ਼ਮਾਂ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ।
ਕਿਸਾਨ ਆਗੂਆਂ ਨੇ ਫ਼ੈਸਲਾ ਕੀਤਾ ਕਿ ਧਰਨੇ ਦੀ ਸਟੇਜ ਹਰ ਰੋਜ਼ ਕਰੀਬ ਚਾਰ ਘੰਟੇ ਚੱਲੇਗੀ, ਜਿਸ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਆਪਣੇ ਵਿਚਾਰ ਪੇਸ਼ ਕਰਨਗੇ। ਦਿੱਲੀ ਕਿਸਾਨ ਅੰਦੋਲਨ ਦੀ ਤਰਜ਼ ’ਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਵੀ ਵੱਖ-ਵੱਖ ਜਥੇਬੰਦੀਆਂ ਨੂੰ ਦਿੱਤੀ ਜਾਵੇਗੀ।
ਧਰਨੇ ਵਾਲੇ ਖੇਤਰ ਵਿੱਚ ਦੋ ਕਿਲੋਮੀਟਰ ਤੋਂ ਵੱਧ ਦੂਰੀ ਤੱਕ ਖੜੀਆਂ ਟਰਾਲੀਆਂ ਵਿੱਚ ਮੰਜਿਆਂ, ਕੁਰਸੀਆਂ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਲੰਗਰਾਂ ਦੀ ਤਿਆਰੀ ਜ਼ੋਰਾਂ ’ਤੇ ਹੈ ਅਤੇ ਕਈ ਥਾਵਾਂ ’ਤੇ ਚਾਹ ਅਤੇ ਪ੍ਰਸ਼ਾਦਿਆਂ ਦੀ ਸੇਵਾ ਵੀ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਿਸਾਨਾਂ ਲਈ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ।
ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਤੇ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਕਿਸਾਨਾਂ ਵਿੱਚ ਇਸ ਧਰਨੇ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਟਰਾਲੀਆਂ ਲਗਾਤਾਰ ਪਹੁੰਚ ਰਹੀਆਂ ਹਨ ਅਤੇ ਸ਼ਾਮ ਤੱਕ ਹੋਰ ਕਿਸਾਨ ਵੀ ਮੋਰਚੇ ਵਿੱਚ ਸ਼ਾਮਲ ਹੋਣਗੇ।
ਆਗੂਆਂ ਨੇ ਸਪੱਸ਼ਟ ਕੀਤਾ ਕਿ ਉਗਰਾਹਾਂ ਜਥੇਬੰਦੀ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਤ ਬਾਕੀ ਸਾਰੀਆਂ ਜਥੇਬੰਦੀਆਂ ਇਸ ਧਰਨੇ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜਨੀਤਿਕ ਆਗੂ ਨੂੰ ਮੰਚ ਤੋਂ ਸੰਬੋਧਨ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਹਰਿੰਦਰ ਸਿੰਘ ਲੱਖੋਵਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਅਤੇ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ’ਤੇ ਧਿਆਨ ਨਾ ਦਿੱਤਾ ਤਾਂ ਇਹ ਧਰਨਾ 7 ਸਤੰਬਰ ਤੋਂ ਬਾਅਦ ਵੀ ਜਾਰੀ ਰਹਿ ਸਕਦਾ ਹੈ। ਹਾਲਾਂਕਿ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਧਰਨੇ ਦੇ ਅਗਲੇ ਪੜਾਅ ਬਾਰੇ ਫ਼ੈਸਲਾ 7 ਸਤੰਬਰ ਨੂੰ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਵਾਜਾਈ ਨੂੰ ਪ੍ਰਭਾਵਿਤ ਨਹੀਂ ਹੋਣ ਦੇਣਗੇ ਅਤੇ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰਨਗੇ। ਉਨ੍ਹਾਂ ਮੁਹਾਲੀ ਪ੍ਰਸ਼ਾਸਨ ’ਤੇ ਬਿਜਲੀ ਅਤੇ ਹੋਰ ਸਹੂਲਤਾਂ ਦੇ ਪ੍ਰਬੰਧ ਵਿੱਚ ਸੁਸਤੀ ਵਰਤਣ ਦੇ ਦੋਸ਼ ਵੀ ਲਗਾਏ। ਧਰਨੇ ਨੂੰ ਪ੍ਰੇਮ ਸਿੰਘ ਭੰਗੂ, ਹਰਮੀਤ ਸਿੰਘ ਕਾਦੀਆਂ, ਰਮਿੰਦਰ ਸਿੰਘ ਪਟਿਆਲਾ ਅਤੇ ਹੋਰ ਕਈ ਕਿਸਾਨ ਆਗੂ ਸੰਬੋਧਨ ਕਰ ਰਹੇ ਹਨ।







