ਪੰਜਾਬ ਦੇ ਕਈ ਇਲਾਕਿਆਂ ਵਿੱਚ ਭਲਕੇ ਮੰਗਲਵਾਰ ਨੂੰ ਲੰਬੇ ਸਮੇਂ ਲਈ ਬਿਜਲੀ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਰਾਜ ਪਾਵਰਕਾਮ ਵੱਲੋਂ ਜ਼ਰੂਰੀ ਮੁਰੰਮਤ ਅਤੇ ਰਖ-ਰਖਾਵ ਦੇ ਕੰਮਾਂ ਕਾਰਨ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਬਿਜਲੀ ਸਪਲਾਈ ਅਸਥਾਈ ਤੌਰ ’ਤੇ ਬੰਦ ਰਹੇਗੀ। ਇਸ ਸਬੰਧੀ ਸਬੰਧਤ ਵਿਭਾਗ ਵੱਲੋਂ ਅਗਾਊਂ ਸੂਚਨਾ ਜਾਰੀ ਕਰਕੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਤਪਾ ਮੰਡੀ ਵਿੱਚ 10 ਫਰਵਰੀ ਨੂੰ ਸਬ-ਸਟੇਸ਼ਨ ਧੌਲਾ ਉੱਤੇ ਮੁਰੰਮਤ ਕੰਮ ਹੋਣ ਕਰਕੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸ਼ਹਿਰੀ ਅਤੇ ਦਿਹਾਤੀ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਨਾਲ ਧੌਲਾ, ਕਾਹਨੇਕੇ, ਧੂਰਕੋਟ ਆਦਿ ਇਲਾਕੇ ਪ੍ਰਭਾਵਿਤ ਰਹਿਣਗੇ।
ਦਸੂਹਾ ਵਿੱਚ ਟਰਾਂਸਮਿਸ਼ਨ ਲਾਈਨ ਦੇ ਟਾਵਰ ਦੀ ਮੁਰੰਮਤ ਲਈ 10 ਫਰਵਰੀ ਨੂੰ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ 11 ਕੇ.ਵੀ. ਕਲਿਆਣਪੁਰ ਅਤੇ ਉੱਚੀ ਬੱਸੀ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਕਈ ਪਿੰਡਾਂ ਦੀ ਬਿਜਲੀ ਪ੍ਰਭਾਵਿਤ ਰਹੇਗੀ। ਵਿਭਾਗ ਵੱਲੋਂ ਖ਼ਪਤਕਾਰਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਹੈ।
ਫ਼ਾਜ਼ਿਲਕਾ ਵਿੱਚ 10 ਫਰਵਰੀ ਨੂੰ ਜ਼ਰੂਰੀ ਮੈਂਟੀਨੈਂਸ ਕਾਰਨ 11 ਕੇ.ਵੀ. ਸ਼ਕਤੀ ਨਗਰ ਫੀਡਰ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ ਲਗਭਗ 5 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਸ਼ਕਤੀ ਨਗਰ ਸਮੇਤ ਕਈ ਇਲਾਕਿਆਂ ਵਿੱਚ ਬਿਜਲੀ ਨਹੀਂ ਰਹੇਗੀ।
ਨੂਰਪੁਰਬੇਦੀ ਖੇਤਰ ਵਿੱਚ ਅਬਿਆਣਾ ਫੀਡਰ ਦੀ ਮੁਰੰਮਤ ਕਾਰਨ 10 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਅਬਿਆਣਾ, ਨੰਗਲ, ਹਰੀਪੁਰ ਫੂਲੜੇ ਆਦਿ ਪਿੰਡਾਂ ਦੀ ਘਰੇਲੂ ਬਿਜਲੀ ਪ੍ਰਭਾਵਿਤ ਰਹੇਗੀ। ਕੰਮ ਦੇ ਮੱਦੇਨਜ਼ਰ ਸਮਾਂ ਘਟ-ਵੱਧ ਵੀ ਹੋ ਸਕਦਾ ਹੈ।
ਤਰਨਤਾਰਨ ਵਿੱਚ 132 ਕੇ.ਵੀ. ਸਬ-ਸਟੇਸ਼ਨ ਤੋਂ ਚੱਲਦੇ ਸਿਟੀ-1 ਅਤੇ ਸਿਟੀ-6 ਫੀਡਰਾਂ ਦੀ ਬਾਈਫਰਕੇਸ਼ਨ ਕਾਰਨ 10 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ, ਜਿਸ ਨਾਲ ਸ਼ਹਿਰ ਦੇ ਕਈ ਮੁਹੱਲਿਆਂ ਅਤੇ ਬਾਜ਼ਾਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਗੁਰਦਾਸਪੁਰ ਵਿੱਚ 10 ਫਰਵਰੀ ਨੂੰ 132 ਕੇ.ਵੀ. ਸਬ-ਸਟੇਸ਼ਨ ਹਰਦੂਸ਼ਨੀ ਤੋਂ ਚੱਲਦੇ 11 ਕੇ.ਵੀ. ਤ੍ਰਿਮੋ ਰੋਡ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਤ੍ਰਿਮੋ ਰੋਡ ਅਤੇ ਨੇੜਲੇ ਇਲਾਕਿਆਂ ਵਿੱਚ ਬਿਜਲੀ ਕੱਟ ਰਹੇਗਾ।
ਇਸ ਤੋਂ ਇਲਾਵਾ ਹਰਿਆਣਾ (ਹੁਸ਼ਿਆਰਪੁਰ) ਵਿੱਚ 11 ਫਰਵਰੀ ਬੁੱਧਵਾਰ ਨੂੰ 66 ਕੇ.ਵੀ. ਲਾਈਨ ਦੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਾਰੇ 11 ਕੇ.ਵੀ. ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਨਾਲ ਘਰੇਲੂ, ਵਪਾਰਕ ਅਤੇ ਮੋਟਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।





