90 Crore Mystery: ਬੈਲਜੀਅਮ ਦੇ ਇੱਕ 18 ਸਾਲਾ ਨੌਜਵਾਨ ਦੀਆਂ ਗਰਮੀਆਂ ਦੀਆਂ ਛੁੱਟੀਆਂ ਉਸ ਵੇਲੇ ਚਰਚਾ ਦਾ ਵਿਸ਼ਾ ਬਣ ਗਈਆਂ, ਜਦੋਂ ਨਿਰਮਾਣ ਕੰਮ ਦੌਰਾਨ ਉਸ ਦੇ ਹੱਥ ਇੱਕ ਅਜਿਹਾ ਖਜ਼ਾਨਾ ਲੱਗਿਆ, ਜਿਸ ਦੀ ਕੀਮਤ ਕਰੋੜਾਂ ਰੁਪਏ ਵਿੱਚ ਆਂਕੀ ਜਾ ਰਹੀ ਹੈ। ਕੋਬੇ ਨਾਮਕ ਇਹ ਵਿਦਿਆਰਥੀ ਛੁੱਟੀਆਂ ਦੌਰਾਨ ਵਾਧੂ ਕਮਾਈ ਲਈ ਇੱਕ ਨਿਰਮਾਣ ਸਾਈਟ ’ਤੇ ਕੰਮ ਕਰ ਰਿਹਾ ਸੀ, ਜਿੱਥੇ ਖੁਦਾਈ ਕਰਦਿਆਂ ਉਸ ਨੂੰ ਜ਼ਮੀਨ ਹੇਠਾਂ ਕੁਝ ਅਸਧਾਰਨ ਮਿਲਿਆ।
ਇਹ ਘਟਨਾ ਬੈਲਜੀਅਮ ਦੇ ਸਿੰਟ-ਗਿਲਿਸ-ਡੈਂਡਰਮੋਂਡੇ ਇਲਾਕੇ ਦੀ ਹੈ, ਜਿੱਥੇ ਇੱਕ ਪੁਰਾਣੀ ਸ਼ਰਾਬ ਫੈਕਟਰੀ ਵਾਲੀ ਜਗ੍ਹਾ ਨੂੰ ਨਵੇਂ ਪ੍ਰਾਜੈਕਟ ਲਈ ਵਿਕਸਤ ਕੀਤਾ ਜਾ ਰਿਹਾ ਸੀ। ਖੁਦਾਈ ਦੌਰਾਨ ਪਹਿਲਾਂ ਮਜ਼ਦੂਰਾਂ ਨੂੰ ਕੁਝ ਪੁਰਾਣੇ ਸਿੱਕੇ ਮਿਲੇ, ਪਰ ਅੱਗੇ ਮਿੱਟੀ ਹਟਾਉਣ ’ਤੇ ਇੱਕ ਇੱਟਾਂ ਨਾਲ ਸੀਲ ਕੀਤਾ ਹੋਇਆ ਤਹਿਖਾਨਾ ਸਾਹਮਣੇ ਆ ਗਿਆ।
ਜਦੋਂ ਉਸ ਕੰਧ ਨੂੰ ਖੋਲ੍ਹਿਆ ਗਿਆ ਤਾਂ ਅੰਦਰੋਂ ਸੋਨੇ ਦੇ ਸਿੱਕੇ, ਸੋਨੇ ਦੇ ਟੁਕੜੇ ਅਤੇ ਕਈ ਸੋਨੇ ਦੀਆਂ ਛੜਾਂ ਮਿਲੀਆਂ। ਮਾਹਿਰਾਂ ਅਨੁਸਾਰ ਇਸ ਖਜ਼ਾਨੇ ਦੀ ਕੁੱਲ ਕੀਮਤ ਲਗਭਗ 90 ਲੱਖ ਯੂਰੋ, ਭਾਵ ਕਰੀਬ 90 ਕਰੋੜ ਰੁਪਏ ਹੈ। ਇੱਕ ਆਮ ਨਿਰਮਾਣ ਕਾਰਜ ਦੌਰਾਨ ਇੰਨੀ ਵੱਡੀ ਦੌਲਤ ਮਿਲਣ ਨਾਲ ਹਰ ਕੋਈ ਹੈਰਾਨ ਰਹਿ ਗਿਆ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਇਮਾਰਤ 19ਵੀਂ ਸਦੀ ਦੇ ਅਖੀਰ ਵਿੱਚ ਉਦਯੋਗਪਤੀ ਥਿਓਫਿਲਸ ਵੈਨ ਐਸ਼ੇ ਨਾਲ ਜੁੜੀ ਹੋਈ ਸੀ। ਇਤਿਹਾਸਕ ਰਿਕਾਰਡ ਦੱਸਦੇ ਹਨ ਕਿ ਇੱਥੇ ਸਥਿਤ ਸ਼ਰਾਬ ਫੈਕਟਰੀ 1899 ਤੋਂ 1970 ਤੱਕ ਚੱਲਦੀ ਰਹੀ। ਮੰਨਿਆ ਜਾ ਰਿਹਾ ਹੈ ਕਿ ਇਹ ਸੋਨਾ ਸੁਰੱਖਿਆ ਲਈ ਜਾਣਬੁੱਝ ਕੇ ਕੰਧ ਦੇ ਪਿੱਛੇ ਲੁਕਾਇਆ ਗਿਆ ਸੀ।
ਖਜ਼ਾਨਾ ਮਿਲਣ ਉਪਰੰਤ ਕੋਬੇ ਅਤੇ ਉਸ ਦੇ ਸਾਥੀਆਂ ਨੇ ਤੁਰੰਤ ਪੁਲਿਸ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸੁਰੱਖਿਆ ਦੇ ਮੱਦੇਨਜ਼ਰ ਸਾਰਾ ਸੋਨਾ ਬ੍ਰੁਸੈਲਜ਼ ਦੀ ਇੱਕ ਸੁਰੱਖਿਅਤ ਥਾਂ ’ਤੇ ਭੇਜ ਦਿੱਤਾ ਗਿਆ ਹੈ। ਹੁਣ ਜਾਂਚ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਹ ਖਜ਼ਾਨਾ ਕਿਸੇ ਪੁਰਾਣੇ ਮਾਲਕ, ਵਾਰਸ ਜਾਂ ਕਿਸੇ ਅਪਰਾਧਿਕ ਮਾਮਲੇ ਨਾਲ ਤਾਂ ਨਹੀਂ ਜੁੜਿਆ ਹੋਇਆ।
ਇਸ ਖੋਜ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਖਜ਼ਾਨੇ ਦੀ ਕਾਨੂੰਨੀ ਮਾਲਕੀ ਨੂੰ ਲੈ ਕੇ ਖੜ੍ਹਾ ਹੋ ਗਿਆ ਹੈ। ਅਧਿਕਾਰੀ ਇਸ ਦੇ ਇਤਿਹਾਸ ਅਤੇ ਅਸਲ ਹੱਕਦਾਰ ਦੀ ਪਛਾਣ ਲਈ ਜਾਂਚ ਕਰ ਰਹੇ ਹਨ, ਜਿਸ ਤੋਂ ਬਾਅਦ ਹੀ ਇਹ ਤੈਅ ਹੋਵੇਗਾ ਕਿ ਕਰੋੜਾਂ ਰੁਪਏ ਦੇ ਇਸ ਸੋਨੇ ’ਤੇ ਹੱਕ ਕਿਸ ਦਾ ਬਣਦਾ ਹੈ।







