Delhi Building Collapse: ਸੱਤਿਆ ਨਿਕੇਤਨ ’ਚ ਇਮਾਰਤ ਡਿੱਗਣ ਨਾਲ 7 ਮੌਤਾਂ, ਮਾਲਕ ਗ੍ਰਿਫ਼ਤਾਰ; ਕਈ ਅਧਿਕਾਰੀ ਮੁਅੱਤਲ
ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਦੇ ਸੱਤਿਆ ਨਿਕੇਤਨ ਨੇੜੇ ਪੰਜ ਮੰਜ਼ਿਲਾ ਇਮਾਰਤ ਢਹਿ-ਢੇਰੀ ਹੋਣ ਦੇ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ ਵਧ ਕੇ ਸੱਤ ਹੋ ਗਈ ਹੈ। ਬਚਾਅ ਟੀਮਾਂ ਨੇ ਹੁਣ ਤੱਕ ਮਲਬੇ ਵਿੱਚੋਂ 12 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਹਾਦਸੇ ਦੇ ਮਾਮਲੇ ਵਿੱਚ ਪੁਲੀਸ ਨੇ ਇਮਾਰਤ ਦੇ ਮਾਲਕ ਹਰੀਰਾਮ ਨੂੰ ਰਾਜਸਥਾਨ ਦੇ ਭਿਵਾੜੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਹਾਦਸੇ ਮਗਰੋਂ ਮਿਉਂਸਿਪਲ ਕਾਰਪੋਰੇਸ਼ਨ ਆਫ ਦਿੱਲੀ (ਐੱਮ.ਸੀ.ਡੀ.) ਨੇ ਵੀ ਵੱਡੀ ਕਾਰਵਾਈ ਕੀਤੀ ਹੈ। ਦੱਖਣੀ ਜ਼ੋਨ ਦੇ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਸਮੇਤ ਚਾਰ ਇੰਜਨੀਅਰਾਂ—ਐੱਸ.ਈ. ਰਣਵੀਰ ਸਿੰਘ, ਐਗਜ਼ਿਕਿਊਟਿਵ ਇੰਜਨੀਅਰ (ਬਿਲਡਿੰਗ) ਲਲਿਤ ਕੁਮਾਰ ਗੋਇਲ, ਸਹਾਇਕ ਇੰਜਨੀਅਰ ਸੁਨੀਲ ਚੌਹਾਨ ਅਤੇ ਜੂਨੀਅਰ ਇੰਜਨੀਅਰ ਆਸ਼ੀਸ਼ ਕੁਮਾਰ—ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਵਿੱਚ ਮੌਜੂਦ ਸਾਰੀਆਂ ਪੰਜ ਮੰਜ਼ਿਲਾ ਇਮਾਰਤਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਸੀਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਲਗਾਤਾਰ ਦੂਜੇ ਦਿਨ ਹਾਦਸੇ ਵਾਲੀ ਥਾਂ ਦਾ ਦੌਰਾ ਕਰਕੇ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ। ਉਨ੍ਹਾਂ ਮੁਤਾਬਕ ਕਰੀਬ 80 ਫ਼ੀਸਦੀ ਮਲਬਾ ਹਟਾਇਆ ਜਾ ਚੁੱਕਾ ਹੈ।
ਇਸੇ ਦੌਰਾਨ ਦਿੱਲੀ ਹਾਈ ਕੋਰਟ ਨੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਐੱਮ.ਸੀ.ਡੀ. ਨੂੰ ਉੱਚ ਪੱਧਰੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ। ਅਧਿਕਾਰੀਆਂ ਨੂੰ 10 ਦਿਨਾਂ ਦੇ ਅੰਦਰ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ ਅਤੇ ਅਗਲੀ ਸੁਣਵਾਈ 25 ਸਤੰਬਰ ਨੂੰ ਹੋਵੇਗੀ।
ਏਮਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਾਦਸੇ ਮਗਰੋਂ ਕੁੱਲ 12 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ। ਇਨ੍ਹਾਂ ਵਿੱਚੋਂ ਅਸਗਰ ਅਲੀ, ਨੀਰਜ ਬਾਵਾ ਅਤੇ ਆਦਿੱਤਿਆ ਕੁਮਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 75 ਸਾਲਾ ਬਜ਼ੁਰਗ ਸਮੇਤ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇੱਕ ਵਿਅਕਤੀ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ।
ਪ੍ਰਸ਼ਾਸਨ ਨੇ ਢਹੀ ਇਮਾਰਤ ਦੇ ਨਾਲ ਲੱਗਦੀ ਇਮਾਰਤ ਦੇ ਮਾਲਕ ਨੂੰ ਵੀ ਤਿੰਨ ਦਿਨਾਂ ਦੇ ਅੰਦਰ ਢਾਂਚਾ ਢਾਹੁਣ ਦੇ ਹੁਕਮ ਜਾਰੀ ਕੀਤੇ ਹਨ।
ਸਰਕਾਰ ਹਾਦਸੇ ਰੋਕਣ ’ਚ ਨਾਕਾਮ: ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੱਤਿਆ ਨਿਕੇਤਨ ਇਮਾਰਤ ਹਾਦਸੇ ਨੂੰ ਲੈ ਕੇ ਭਾਜਪਾ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਾਇਆ ਕਿ ‘ਤੀਹਰੀ ਇੰਜਣ’ ਵਾਲੀ ਸਰਕਾਰ ਹਾਦਸਿਆਂ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ ਅਤੇ ਅਸਲ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ।
ਰਾਹੁਲ ਗਾਂਧੀ ਨੇ ਇਹ ਵੀ ਦੋਸ਼ ਲਾਇਆ ਕਿ ਸਵਾਲ ਪੁੱਛੇ ਜਾਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਲੋਚਕਾਂ ਲਈ ‘ਦਿਮਾਗੀ ਨਕਸਲ’ ਅਤੇ ‘ਨਾਰਾਜ਼ ਫੁੱਫੜ’ ਵਰਗੇ ਸ਼ਬਦ ਵਰਤਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਸਮੱਸਿਆ ਸਰਕਾਰ ਦੀ ਇਰਾਦੇ ਦੀ ਘਾਟ ਅਤੇ ਜਵਾਬਦੇਹੀ ਦੀ ਕਮੀ ਹੈ।
ਇਸੇ ਦੌਰਾਨ ਐੱਨ.ਐੱਸ.ਯੂ.ਆਈ. ਦੇ ਪ੍ਰਧਾਨ ਵਿਨੋਦ ਜਾਖੜ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਆਗੂ ਕਨ੍ਹੱਈਆ ਕੁਮਾਰ ਨੇ ਵੀ ਕੇਂਦਰ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ।
‘ਆਪ’ ਵੱਲੋਂ ਭਾਜਪਾ ਆਗੂਆਂ ’ਤੇ ਪੀਜੀ ਸਿੰਡੀਕੇਟ ਦੇ ਦੋਸ਼
ਆਮ ਆਦਮੀ ਪਾਰਟੀ ਨੇ ਵੀ ਸੱਤਿਆ ਨਿਕੇਤਨ ਹਾਦਸੇ ਨੂੰ ਲੈ ਕੇ ਭਾਜਪਾ ’ਤੇ ਹਮਲਾ ਕੀਤਾ ਹੈ। ‘ਆਪ’ ਆਗੂ ਸੌਰਭ ਭਾਰਦਵਾਜ ਨੇ ਦੋਸ਼ ਲਾਇਆ ਕਿ ਇਲਾਕੇ ਵਿੱਚ ਕਈ ਭਾਜਪਾ ਆਗੂਆਂ ਨਾਲ ਜੁੜੀਆਂ ਜਾਇਦਾਦਾਂ ਅਤੇ ਪੀਜੀ ਸਿੰਡੀਕੇਟ ਸਰਗਰਮ ਹਨ, ਜਿਸ ਕਾਰਨ ਐੱਮ.ਸੀ.ਡੀ. ਵੱਲੋਂ ਕਥਿਤ ਤੌਰ ’ਤੇ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਜਾਂਦੀ।
ਉਨ੍ਹਾਂ ਮੁੱਖ ਮੰਤਰੀ ਰੇਖਾ ਗੁਪਤਾ ਤੋਂ ਪ੍ਰਭਾਵਿਤ ਇਲਾਕੇ ਦੇ ਮਕਾਨ ਮਾਲਕਾਂ ਦੇ ਨਾਂ ਜਨਤਕ ਕਰਨ ਦੀ ਮੰਗ ਕੀਤੀ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਹੋਸਟਲ ਦੇ ਮਲਬੇ ਹੇਠ ਵਿਦਿਆਰਥੀਆਂ ਦੀਆਂ ਜਾਨਾਂ ਜਾ ਰਹੀਆਂ ਹਨ, ਜਦਕਿ ਪ੍ਰਧਾਨ ਮੰਤਰੀ ਪੈਰਿਸ ਵਿੱਚ ਮੰਦਰ ਦੇ ਉਦਘਾਟਨ ਵਿੱਚ ਰੁੱਝੇ ਹੋਏ ਹਨ।







