ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ ਦੇ ਇੱਕ ਵੱਡੇ ਮਾਮਲੇ ਦਾ ਖੁਲਾਸਾ ਹੋਇਆ ਹੈ। ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਅਤੇ ਕਸਟਮ ਵਿਭਾਗ ਦੀ ਸਾਂਝੀ ਟੀਮ ਨੇ ਕਾਰਵਾਈ ਕਰਦਿਆਂ ਸ਼ਾਰਜਾਹ ਤੋਂ ਅੰਮ੍ਰਿਤਸਰ ਆਏ ਇੱਕ ਯਾਤਰੀ ਨੂੰ ਕਾਬੂ ਕੀਤਾ।
ਮਿਲੀ ਜਾਣਕਾਰੀ ਮੁਤਾਬਕ ਉਕਤ ਯਾਤਰੀ ਫਲਾਈਟ ਨੰਬਰ 6E1428 ਰਾਹੀਂ ਸ਼ਾਰਜਾਹ ਤੋਂ ਅੰਮ੍ਰਿਤਸਰ ਪਹੁੰਚਿਆ ਸੀ। ਸ਼ੱਕ ਹੋਣ ‘ਤੇ ਅਧਿਕਾਰੀਆਂ ਨੇ ਉਸ ਨੂੰ ਰੋਕ ਕੇ ਐਕਸ-ਰੇ ਸਕੈਨਿੰਗ ਅਤੇ ਵਿਸਥਾਰਪੂਰਵਕ ਨਿੱਜੀ ਤਲਾਸ਼ੀ ਲਈ।
ਤਲਾਸ਼ੀ ਦੌਰਾਨ ਯਾਤਰੀ ਕੋਲੋਂ ਪੇਸਟ ਦੇ ਰੂਪ ਵਿੱਚ ਲੁਕਾਇਆ ਗਿਆ 174 ਗ੍ਰਾਮ (ਕੁੱਲ ਵਜ਼ਨ) ਸੋਨਾ ਬਰਾਮਦ ਹੋਇਆ। ਜਾਂਚ ਤੋਂ ਬਾਅਦ ਇਸ ਵਿੱਚੋਂ ਖ਼ਾਲਿਸ ਸੋਨੇ ਦਾ ਵਜ਼ਨ 150.04 ਗ੍ਰਾਮ ਨਿਕਲਿਆ, ਜਿਸਦੀ ਅੰਦਾਜ਼ਨ ਕੀਮਤ 22,05,588 ਰੁਪਏ ਦੱਸੀ ਗਈ ਹੈ।
ਫਿਲਹਾਲ DRI ਅਤੇ ਕਸਟਮ ਵਿਭਾਗ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਤਸਕਰੀ ਦੇ ਪਿੱਛੇ ਕੋਈ ਵੱਡਾ ਗਿਰੋਹ ਜਾਂ ਨੈੱਟਵਰਕ ਤਾਂ ਸਰਗਰਮ ਨਹੀਂ। ਮਾਮਲੇ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।






